ਯਾਦਗਾਰ - ਇੱਕ ਅੰਤ (ਉਹਦੀ ਚੁੱਪ ਬੋਲਦੀ ਸੀ)

Published on 2 September 2023 at 17:07

ਖਬਰੇ ਕਿਹੜਾ ਪਲ ਕਦੋਂ ਕੋਈ ਯਾਦ ਬਣ ਜਾਵੇ,
ਨਿੱਕੀ ਨਿੱਕੀ ਗੱਲ ਤੇ, ਰੁੱਸ ਕੇ ਤੁਰ ਨਈ ਜਾਈਦਾ,
ਰੱਖ ਸਬਰ, ਤੇ ਰੱਖ ਭਰੋਸਾ ਮੇਹਨਤ ਤੇ,
ਔਕੜਾਂ ਕੋਲੋਂ ਡਰ ਕੇ, ਰਾਹਾਂ ਚੋਂ ਮੁੜ ਨਈ ਜਾਈਦਾ,
ਸੋਚ ਕਦੇ......?
ਮੈਂ ਕਿਉਂ ਤੇਰੀ ਹਰ ਯਾਦ ਨੂੰ, ਬਣਾ ਕੇ ਯਾਦਗਾਰ ਰੱਖਿਆ ??
ਐਵੇਂ ਤਾਂ ਹਰ ਥਾਂ ਤੇ, ਝੱਲਿਆ ਜੁੜ ਨਈ ਜਾਈਦਾ,
ਨਿੱਕੀ ਨਿੱਕੀ ਗੱਲ ਤੇ, ਰੁੱਸ ਕੇ ਤੁਰ ਨਈ ਜਾਈਦਾ।।

 

ਦਿਨ - ਦਿਨ ਕਰਕੇ ਮਹੀਨੇ ਬੀਤ ਗਏ ਪਰ ਅਨੰਤ ਦਾ ਕੋਈ ਫ਼ੋਨ ਯਾਂ ਮੈਸੇਜ ਨਹੀਂ ਸੀ ਆਇਆ। ਮੈਂ ਜਦੋਂ ਵਕਤ ਲਗਦਾ ਤਾਂ ਹਰ ਉਸ ਥਾਂ ਜਾਂਦਾ ਜਿਥੇ ਕਦੇ ਉਸਨੂੰ ਮਿਲਿਆ ਜਾਂ ਵੇਖਿਆ ਹੁੰਦਾ, ਮੇਰੀ ਇੱਕ ਆਦਤ ਕੇ ਮੈਂ ਦਿਲੋਂ ਜੁੜੇ ਰਿਸ਼ਤੇ ਦੀਆਂ ਬਹੁਤ ਯਾਦਗਾਰਾਂ ਬਣਾ ਲੈਂਦਾ ਹਾਂ ਅਤੇ ਫੇਰ ਉਹਨਾਂ ਨਾਲ ਜੁੜਿਆ ਰਹਿੰਦਾ ਹਾਂ , ਇਹ ਨਹੀਂ ਕਿ ਮੈਂ ਬੀਤੇ ਨੂੰ ਬਦਲਣਾ ਚਾਹੁੰਦਾ ਹਾਂ, ਏਦਾਂ ਇਸ ਕਰਕੇ ਕਿਉਂ ਕਿ ਸਾਡੀ ਜ਼ਿੰਦਗੀ ਚ ਬਹੁਤ ਸਾਰੇ ਕਿਰਦਾਰ ਆਉਂਦੇ ਹਨ ਅਤੇ ਆਪਣੇ ਰੋਲ ਅਦਾ ਕਰਕੇ ਅਲਵਿਦਾ ਕਹਿ ਜਾਂਦੇ ਹਨ, ਪਰ ਇਹ ਮੇਰੀਆਂ ਯਾਦਗਾਰਾਂ ਹਮੇਸ਼ਾ ਮੇਰੇ ਦਿਲ ਨੂੰ ਓਹਨਾਂ ਨਾਲ ਬੀਤਿਆ ਚੰਗਾ ਸਮਾਂ ਯਾਦ ਕਰਵਾਉਂਦੀਆਂ ਹਨ।

 

ਕਦੇ ਕਦੇ ਝਿਜਕ ਨਾਲ ਮਿਲਣ ਵਾਲੇ ਹੱਥ ਜਦੋਂ ਕਸ ਕੇ ਯਾਰੀ ਦਾ ਹੱਥ ਫੜਦੇ ਹਨ ਤਾਂ ਦਿਲਾਂ ਦਾ ਬੋਝ ਵੀ ਹਲਕਾ ਕਰ ਲੈਂਦੇ ਹਨ, ਇੱਕ ਦੋ ਵਾਰ ਪੁੱਛਣ ਤੇ ਅਨੰਤ ਨੇਂ ਦੱਸਿਆ ਕਿ ਉਹਦਾ ਬਚਪਨ ਠੀਕ ਸੀ ਪਰ ਉਹ ਲੋਕਾਂ ਵਾਂਗੂੰ ਆਪਣੇ ਬਚਪਨ ਨੂੰ ਦੁਬਾਰਾ ਜੀਣ ਦੀ ਮੰਗ ਨਹੀਂ ਕਰਦੀ, ਬਚਪਨ ਵਿੱਚ ਧੀਆਂ ਦੇ ਮਿਹਣੇ, ਬਾਪੂ ਦਾ ਮਾਂ ਤੇ ਹੱਥ ਚੱਕਣਾਂ, ਰਿਸ਼ਤੇਦਾਰਾਂ ਦਾ ਮਾੜੇ ਟਾਇਮ ਸਾਥ ਛੱਡਣਾ, ਭੂਆ ਹੋਣਾਂ ਦਾ ਬਾਪੂ ਦਾ ਹੱਥ ਰੱਖੜੀ ਵਾਲੇ ਦਿਨ ਸੁੰਨਾ ਛੱਡ ਜਾਣਾ, ਤੇ ਮੇਰੀ ਮਾਂ ਦਾ ਹਸ ਕੇ ਜਰਨ ਦਾ ਜਿਗਰਾ ਮੇਰੇ ਅੰਦਰੋ ਬਹੁਤ ਕੁਝ ਤੋੜ ਗਿਆ ਸੀ । ਉਸ ਆਖਿਆ " ਤੂੰ ਤੇ ਮਾੜਾ ਮੋਟਾ ਲਿਖਦਾ ਪੜ੍ਹਦਾ ਵੀ ਆ ਅੜਿਆ, ਤੈਨੂੰ ਤਾਂ ਪਤਾ ਕਿ ਟੁੱਟੀਆਂ ਚੀਜਾਂ ਜਿੰਨੀਆਂ ਮਰਜ਼ੀ ਜੋੜ ਲਓ ਤਰੇੜਾਂ ਤੇ ਰਹਿ ਈ ਜਾਂਦੀਆਂ", ਇਹ ਗੱਲ ਵਾਕਿਆ ਹੀ ਮੇਰੇ ਮਨ ਚ ਅੱਜ ਤੱਕ ਘੁੰਮਦੀ ਐ ਤੇ ਬਿਲਕੁਲ ਸਹੀ ਲਗਦੈ ਕਿ ਕੋਰੇ ਮਨ ਤੇ ਉੱਕਰੀਆਂ ਐਸੀਆਂ ਯਾਦਾਂ ਕਿੱਥੇ ਭੁੱਲਦੀਆਂ, ਅੱਜ ਚ ਜੀਉ, ਤੇ ਭਵਿਖ ਦੀ ਚਿੰਤਾ ਨਾਂ ਕਰੋ, ਇਹ ਗੱਲਾਂ ਕਿਤਾਬਾਂ ਵਿੱਚ ਤੇ ਸੋਭਦੀਆਂ ਪਰ ਅਸਲ ਜ਼ਿੰਦਗੀ ਚ ਇਹ ਸਿਰਫ ਨਾਟਕ ਵਾਂਗੂੰ ਲਗਦੀਆਂ ਹਨ ਜੋ ਇਨਸਾਨ ਆਪਣੇ ਆਪ ਨਾਲ ਹੀ ਕਰਦੇ ਰਹਿੰਦੇ ਹਨ । ਜਿਵੇਂ ਇਤਿਹਾਸ ਨਾਲੋਂ ਟੁੱਟ ਕੇ ਕੋਈ ਕੌਮ ਆਪਣਾ ਵਜੂਦ ਜਿਆਦਾ ਚਿਰ ਨਹੀਂ ਸਾਂਭ ਸਕਦੀ ਓਵੇਂ ਆਪਣੇ ਬੀਤੇ ਸਮੇਂ ਤੋਂ ਜੇਕਰ ਸਿੱਖ ਕੇ ਅੱਗੇ ਨਾਂ ਵਧੇ ਤਾਂ ਇਨਸਾਨ ਜ਼ਿੰਦਗੀ ਦੇ ਅਰਥ ਸ਼ਾਇਦ ਸਾਰੀ ਉਮਰ ਨਹੀਂ ਸਮਝ ਸਕਦਾ।

 

ਕਲੇਅ ਓਵਨ ਰੈਸਟੋਰੈਂਟ ਦੇ ਜਿਸ ਟੇਬਲ ਤੇ ਆਪਾਂ ਬੈਠ ਕੇ ਇਕ ਦੂਜੇ ਨੂੰ ਸ਼ਾਇਦ ਬੱਸ ਸਮਝਣ ਦੀ ਕੋਸ਼ਿਸ਼ ਕਰਦੇ ਸੀ, ਅੱਜ ਉਸ ਟੇਬਲ ਤੇ ਹੱਥ ਚ ਟਕੀਲਾ ਸਨ-ਰਾਈਸ ਫੜੀ ਬੈਠਾ ਮੈਂ ਆਪਣੇ ਆਪ ਨੂੰ ਕੁਝ ਵਕਤ ਲਈ ਭੁਲਾ ਕੇ ਤੇਰੀ ਜ਼ਿੰਦਗੀ ਜੀਣਾ ਚਾਹੁੰਦਾ ਸੀ, ਇਹ ਦੱਸਣ ਲਈ ਤੇਰਾ ਕੋਲ ਹੋਣਾਂ ਬਣਦਾ ਸੀ, ਪਰ ਜਿਵੇਂ ਕੁਛ ਕਿਤਾਬਾਂ ਹਮੇਸ਼ਾ ਲਈ ਕਿਸੇ ਕੋਨੇ ਪਈਆਂ ਰਹਿ ਜਾਂਦੀਆਂ ਜਿਨ੍ਹਾਂ ਤੋਂ ਕੋਈ ਵਿਰਲਾ ਹੀ ਮਿੱਟੀ ਸਾਫ ਕਰਕੇ ਓਹਨਾਂ ਨੂੰ ਕਮਰੇ ਦੀ ਕੰਸ ਤੇ ਸਜਾਉਂਦਾ ਓਸੇ ਤਰਾਂ ਕੁਛ ਗੱਲਾਂ ਆਪਣੇ ਹਾਣੀ ਨੂੰ ਉਡੀਕਦੀਆਂ ਕਿਤਾਬ ਵਾਂਗੂੰ ਦਿਲ ਦੇ ਕਿਸੇ ਕੋਨੇ ਪਈਆਂ ਰਹਿੰਦੀਆਂ ਹਨ।

 

ਤੇਰੇ ਚਾਵਾਂ ਤੇ ਸੱਧਰਾਂ ਦੀਆਂ ਗੱਲਾਂ ਮੇਰੇ ਜਿਹਨ ਚ ਗੂੜਾ ਘਰ ਪਾ ਕੇ ਬੈਠੀਆਂ, ਜਦੋਂ ਮਾਂ ਬਾਰੇ ਗੱਲ ਕਰਦੀ ਨੇਂ ਅੱਖਾਂ ਭਰਨੀਆਂ ਤੇ ਛੋਟੀ ਭੈਣ ਵਾਸਤੇ ਮਾਵਾਂ ਵਾਂਗੂੰ ਸੋਚ ਕੇ ਕਹਿਣਾ ,"ਓਹਨੂੰ ਨੀ ਮੈਂ ਤੱਤੀ ਵਾਹ ਲੱਗਣ ਦੇਣੀ, ਬੱਸ ਲੈ ਆਉਣਾ ਆਵਦੇ ਕੋਲ, ਤੇ ਉਹਦੀ ਖੁਸ਼ੀ ਦੀ ਹਰ ਸ਼ੈਅ ਦੇਣੀ ਉਸਨੂੰ, ਜਿਹੜੀਆਂ ਚੀਜਾਂ ਦੇ ਸੁਪਨੇ ਲੈਂਦੀ ਮੈਂ ਓਹਨੂੰ ਸੱਚ ਕਰਕੇ ਦਵਾਂਗੀ, ਬਾਪੂ ਚੰਦਰਾ ਮੇਰਾ ਮੋਹ ਨੀ ਕਰਦਾ, ਮੈ ਕਹਿਣਾ, ਬਥੇਰਾ ਕਰਦਾ ਹੋਊ ਪਰ ਪਿਓ ਨੂੰ ਪਿਆਰ ਜਤਾਉਣਾ ਨੀ ਆਉਂਦਾ ਹੁੰਦਾ । ਓਹਦਾ ਗਿਲਾ ਸੀ ਖਬਰੇ ਬਾਪੂ ਉਸਨੂੰ ਪਿਆਰ ਨਹੀਂ ਕਰਦਾ, ਪਰ ਮੈਂ ਆਖਦਾ ਕਿ ਸ਼ੁਕਰ ਮਨਾਇਆ ਕਰ ਸਿਰ ਤੇ ਬਾਪ ਦਾ ਹੱਥ ਤੇ ਹੈ, ਜਿਨ੍ਹਾਂ ਨੇਂ ਬਚਪਨ ਇਸ ਰੱਬ ਵਰਗੇ ਆਸਰੇ ਬਿਨਾ ਗੁਜ਼ਾਰਿਆ ਹੁੰਦਾ ਓਹਨਾਂ ਨੂੰ ਪੁੱਛ ਕੇ ਵੇਖੀ ਕੇ ਬਾਪ ਦੀ ਘੂਰ ਪਾਉਣ ਲਈ ਵੀ ਤਰਸ ਜਾਂਦੇ ਨੇਂ । ਆਪਣੇ ਕੁਝ ਖਾਸ ਪਿਆਰਿਆਂ ਤੋਂ ਦੂਰ ਹੋਣ ਦੀ ਸਾਡੇ ਦੋਵਾਂ ਦੇ ਦਿਲਾਂ ਚ ਚੀਸ ਸੀ ਹੋ ਸ਼ਾਇਦ ਸਾਨੂੰ ਇੱਕ ਕਰਦੀ ਸੀ ।

 

ਕੁੱਝ ਰਿਸ਼ਤੇ ਬਿਨਾਂ ਸ਼ੋਰ ਸ਼ਰਾਬੇ ਤੋਂ ਬਹੁਤ ਘੱਟ ਵਕਤ ਚ ਸਾਡੇ ਦਿਲ ਚ ਉਹ ਮੁਕਾਮ ਹਾਸਿਲ ਕਰ ਲੈਂਦੇ ਹਨ ਹੋ ਸ਼ਇਦ ਬਹੁਤਾ ਦਿਖਾਵਾ ਕਰਨ ਵਾਲੇ ਸਾਰੀ ਉਮਰ ਚ ਨਹੀਂ ਕਰ ਪਾਉਂਦੇ, ਬੇਸ਼ੱਕ ਸਾਡੀ ਕੋਈ ਅਜੇ ਤੱਕ ਪਹਿਲੀ ਯਾਂ ਆਖਰੀ ਮੁਲਾਕਾਤ ਦਾ ਸਿਰਾ ਨਹੀਂ ਹੈ, ਕਿਉੰਕਿ ਮਿੱਥ ਕੇ ਹੋਈ ਇੱਕ ਮੁਲਾਕਾਤ ਤੋਂ ਬਿਨਾਂ ਸਭ ਕੁਝ ਕੁਦਰਤੀ ਸੀ। ਖਿਆਲਾਂ ਦੀ ਭੀੜ ਵਿੱਚੋਂ ਇੱਕ ਹੋਰ ਆਵਾਜ਼ ਆਈ " ਮੈਂ ਤੇਰੇ ਲਈ ਕੁਝ ਲਿਖ ਕੇ ਦਵਾਂਗੀ, ਪਰ ਅਜੇ ਨਹੀਂ, ਸਮਾਂ ਆਉਣ ਤੇ" ਤੇ ਮੈਂ ਉਸ ਸਮੇਂ ਨੂੰ ਉਡੀਕਦਾ ਰਿਹਾ ਪਰ ਚੁੱਪ - ਚੁਪੀਤੇ ਸ਼ਹਿਰ ਚੋਂ ਜਾਣਾ ਤੇ ਮੁੜਕੇ ਨਾਂ ਆਉਣਾ ਤੇ ਨਾਂ ਹੀ ਕੋਈ ਗੱਲ ਕਰਨਾਂ , ਜਾਂ ਸ਼ਾਇਦ ਵਾਪਿਸ ਆਕੇ ਵੀ ਗੱਲ ਨਾਂ ਕਰਨਾ ਕਿਸੇ ਮਜਬੂਰੀ ਦਾ ਕਿੱਸਾ ਹੋ ਗਿਆ ਹੋਣਾਂ।

 

ਕਿੰਨੇ ਹੀ ਸਵਾਲ ਦਿਮਾਗ ਚ ਘੁੰਮਦੇ ਹਨ ਕਿ ਸਤਨਾਮ ਨਾਲ ਤੇਰਾ ਰਿਸ਼ਤਾ ਕਿੱਥੇ ਪਹੁੰਚਿਆ, ਸ਼ਹਿਰ ਛੱਡਣ ਦਾ ਫੈਸਲਾ ਅਚਾਨਕ ਕਿਉਂ ਲੈਣਾ ਪਿਆ, ਅੱਖਾਂ ਬੰਦ ਕਰਦਾ ਤਾਂ ਤੇਰੀਆਂ ਅੱਖਾਂ ਅਜੀਬ ਜਿਹੀ ਦਾਸਤਾਨ ਦੱਸਦੀਆਂ ਜੋ ਮੈਂ ਲਿਖਣ ਤੋਂ ਘਬਰਾ ਜਾਂਦਾ ਹਾਂ।

 

ਇਸ ਆਸ ਨਾਲ ਕਿ ਤੇਰੇ ਹੱਥਾਂ ਤੇ ਪਏ ਤੇਰੀ ਮੇਹਨਤ ਦੇ ਛਾਲੇ ਤੇਰੀ ਕਿਸਮਤ ਦੀਆਂ ਲਕੀਰਾਂ ਬਦਲ ਚੁੱਕੇ ਹੋਣਗੇ, ਤੇਰੀ ਚੁੱਪ ਹਾਸਿਆਂ ਚ ਬਦਲ ਚੁੱਕੀ ਹੋਵੇ ਤੇ ਤੂੰ ਆਪਣੀ ਭੈਣ ਨੂੰ ਖੁੱਲ੍ਹੇ ਦਿਲ ਨਾਲ ਕਹਿ ਰਹੀ ਹੋਵੇ " ਦੱਸ ਤੇਰੀ ਕੀ ਮਰਜੀ ਆ, ਜਿਵੇਂ ਕਹੇਗੀ ਕਰਲਾਂਗੇ" , ਅਖੀਰ ਤੂੰ ਮਰਜੀ ਪੁੱਛਣ ਦੇ ਤੇ ਮਰਜੀ ਕਰਨ ਦੇ ਮਾਇਨੇ ਬਦਲ ਦਿੱਤੇ ਹੋਣਗੇ। ਤੇਰੇ ਨਾਂ ਵਾਂਗੂੰ ਇਸ ਇੱਕ ਕਹਾਣੀ ਦੇ ਅੰਤ ਵੀ ਅਨੰਤ ਹੋ ਸਕਦੇ ਸੀ ਪਰ ਕੁਦਰਤ ਨੇਂ ਆਪਣੇ ਲਈ ਇਹੋ ਚੁਣਿਆ, ਤੇ ਆਪਾਂ ਦੋਵੇਂ ਕੁਦਰਤ ਦੇ ਆਸ਼ਿਕ ਹਾਂ।

 

ਬੇਸ਼ੱਕ ਇਹ ਤੇਰੀ ਕਹਾਣੀ ਦਾ ਕੋਈ ਖੂਬਸੂਰਤ ਅੰਤ ਨਹੀਂ ਪਰ ਤੇਰੀਆਂ ਖੁਸ਼ੀਆਂ ਦੀ ਸ਼ੁਰੂਆਤ ਹੋ ਸਕਦਾ ਹੈ ।

 

ਅਲਵਿਦਾ। 

 

WhatsApp :

ਹੈਰੀ ਧਾਲੀਵਾਲ : +1 2049628325

 

✍🏽 ਹੈਰੀ ਧਾਲੀਵਾਲ ✍🏽
✍🏽 2 ਸਤੰਬਰ 2023✍🏽

 

TikTok: @lyricistharrydhaliwal
Insta: @lyricsharrydhaliwal
Snap: @lyricistharry

 

#ExploreWinnipeg #TheForks #Theforksmarket #LoveWinnipeg #WinnipegLife #WinnipegProud #OnlyInWinnipeg #Winnipeggers
#WinnipegAdventures  #WinnipegEvents  #WinnipegCulture  #WinnipegBeauty #Storyoftheday #instagram #facebook #stories

Add comment

Comments

There are no comments yet.